Call Us
9878326409
9915943739
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।।
ਦੇਹਿ ਸ਼ਿਵਾ ਬਰਿ ਮੋਹਿ ਇਹੈ, ਸ਼ੁਭ ਕਰਮਨ ਤੇ ਕਬਹੂੰ ਨ ਟਰੋਂ।।
ਗੁਰੂ ਜੀ ਪਰਮਾਤਮਾ ਤੋਂ ਚੰਗੇ ਕੰਮ ਕਰਨ ਲਈ ਵਰਦਾਨ ਮੰਗਦੇ ਹਨ ਕਿ ਉਹ ਚੰਗੇ ਕੰਮ ਕਰਨ ਤੋਂ ਕਦੇ ਵੀ ਨਾ ਟਲਣ। ਮਨੁੱਖੀ ਜੀਵਾਂ ਨੂੰ ਵੀ ਸਿੱਖਿਆ ਲੈਂਦੇ ਹੋਏ ਆਪਣੇ ਜੀਵਨ ਵਿੱਚ ਹਮੇਸ਼ਾ ਹੀ ਚੰਗੇ ਕੰਮ ਕਰਨੇ ਚਾਹੀਦੇ ਹਨ। ਮਨੁੱਖੀ ਜੀਵਨ ਅਮੋਲਕ ਹੈ, ਵਿਅਰਥ ਕਰਮ – ਕਾਂਡਾਂ ਵਿੱਚ ਪੈ ਕੇ ਅਕਾਰਥ ਨਹੀਂ ਗਵਾਉਣਾ ਚਾਹੀਦਾ। ਸਾਡਾ ਸਭਨਾਂ ਦਾ ਮਾਤਾ – ਪਿਤਾ ਪਰਮਾਤਮਾ ਸਾਨੂੰ ਸੁਚੱਜੀ ਜੀਵਨ ਜਾਂਚ ਦਾ ਸੁਨੇਹਾ ਦਿੰਦਾ ਹੈ। ਸਾਡੇ ਸੰਸਾਰਕ ਮਾਪੇ ਵੀ ਅਜਿਹੀ ਹੀ ਕੋਸ਼ਿਸ਼ ਕਰਦੇ ਹਨ ਕਿ ਪਰਮਾਤਮਾ ਦਾ ਨਾਮ ਧਿਆਉ਼ਦੇ ਹੋਏ ਸਾਨੂੰ ਇਸ ਸੰਸਾਰ ਵਿੱਚ ਇੱਕ ਸੁਚੱਜਾ ਉਦੇਸ਼ ਭਰਪੂਰ ਜੀਵਨ ਜਿਉਣਾ ਚਾਹੀਦਾ ਹੈ।
ਗਿਆਨ ਕਾ ਬਧਾ ਮਨ ਰਹੇ ਗੁਰ ਬਿਨ ਗਿਆਨ ਨ ਹੋਇ।।
ਸੁਚੱਜੇ ਉਦੇਸ਼ ਭਰਪੂਰ ਜੀਵਨ ਲਈ ਮਨ ਨੂੰ ਗਿਆਨ ਨਾਲ ਵਸ ਵਿੱਚ ਕੀਤਾ ਜਾ ਸਕਦਾ ਹੈ, ਗੁਰੂ ਦੇ ਗਿਆਨ ਬਿਨਾਂ ਇਹ ਅਸੰਭਵ ਹੈ। ਗਿਆਨ ਦਾ ਅੰਦਰੂਨੀ ਖਜ਼ਾਨਾ ਗੁਰੂ ਕਿਰਪਾ ਨਾਲ ਹੀ ਪ੍ਰਾਪਤ ਹੋ ਸਕਦਾ ਹੈ। ਇਸ ਲਈ ਚੰਗੇ ਗੁਣਾਂ ਦਾ ਧਾਰਨੀ ਹੋਣਾ ਚਾਹੀਦਾ ਹੈ।
ਮਿਠਤੁ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤੁ।।
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਹਾਂਵਾਕ , ਜੋ ਜੀਵਨ ਦੀ ਅਟਲ ਸੱਚਾਈ ਬਣ ਚੁੱਕਿਆ ਹੈ, ਅਨੁਸਾਰ ਹਰ ਇੱਕ ਮਨੁੱਖ ਦੀ ਜ਼ਬਾਨ ਵਿੱਚ ਮਿਠਾਸ ਹੋਣੀ ਚਾਹੀਦੀ ਹੈ ਅਤੇ ਉਹ ਚੰਗੇ ਗੁਣਾਂ ਦਾ ਧਾਰਨੀ ਹੋਣਾ ਚਾਹੀਦਾ ਹੈ। ਅਜਿਹਾ ਮਨੁੱਖ ਕਿਸੇ ਤੋਂ ਧੋਖਾ ਨਹੀਂ ਖਾਂਦਾ। ਸਾਨੂੰ ਗੁਰੂ ਸਾਹਿਬਾਨ ਦੇ ਉੱਚੇ – ਵਿਚਾਰਾਂ ਤੇ ਖਰੇ ਉਤਰਦੇ ਹੋਏ ਪੂਰੀ ਮਨੁੱਖਤਾ ਨੂੰ ਗੁਰੂਆਂ – ਪੀਰਾਂ ਦੇ ਪੂਰਨਿਆਂ ਤੇ ਤੁਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।
ਸਾਡੀਆਂ ਵਿੱਦਿਅਕ ਸੰਸਥਾਵਾਂ ਦਾ ਉਦੇਸ਼ ਵਿਦਿਆਰਥੀਆਂ ਵਿੱਚ ਚੰਗੇਰੇ ਗੁਣ ਪੈਦਾ ਕਰਕੇ ਉਹਨਾਂ ਨੂੰ ਚੰਗੇ ਨਾਗਰਿਕ ਬਣਾਉਣਾ ਹੈ। ਸਕੂਲ ਮੈਗਜ਼ੀਨ ਸ਼੍ਰੋਮਣੀ ਰਾਹੀਂ ਵਿਦਿਆਰਥੀਆਂ ਦੀਆਂ ਰਚਨਾਵਾਂ ਪ੍ਰਕਾਸ਼ਿਤ ਕਰਕੇ ਉਹਨਾਂ ਵਿੱਚ ਹੌਂਸਲਾ ਅਤੇ ਉਤਸ਼ਾਹ ਪੈਦਾ ਕੀਤਾ ਜਾਂਦਾ ਹੈ ਤਾਂ ਜੋ ਉਹ ਭਵਿੱਖ ਵਿੱਚ ਹੋਰ ਵਧੀਆ ਸਾਹਿਤ ਰਚਨਾ ਕਰਦੇ ਹੋਏ ਲੰਮੀਆਂ ਉਡਾਰੀਆਂ ਭਰਦੇ ਰਹਿਣ। ਇਸ ਲਈ ਪ੍ਬੰਧਕ ਕਮੇਟੀ, ਸਕੂਲ ਪਿ੍ੰਸੀਪਲ, ਸਮੂਹ ਸਟਾਫ ਅਤੇ ਵਿਦਿਆਰਥੀ ਵਧਾਈ ਦੇ ਪਾਤਰ ਹਨ।
ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ
ਪ੍ਧਾਨ ਸ਼੍ਰੋਮਣੀ ਗੁਰੂਦਵਾਰਾ ਪ੍ਬੰਧਕ ਕਮੇਟੀ
ਚੇਅਰਮੈਨ, ਨਨਕਾਣਾ ਸਾਹਿਬ ਐਜੂਕੇਸ਼ਨਲ ਟਰੱਸਟ।